Tuesday, May 24, 2011

ਜਾਂਦੇ ਰਾਹੀਓ




ਜਾਂਦੇ ਰਾਹੀਓ ! ਪਲ ਦੋ ਪਲ ਰੁੱਕ,

ਪੀ ਜਾਓ ਖ਼ੂਹ ਤੋਂ ਪਾਣੀ ਨੂੰ ।

ਮੇਰਾ ਵੀ ਦਿਲ ਹੌਲਾ ਹੋ ਜਾਉ,

ਸੁਣ ਜਾਓ ਦਰਦ ਕਹਾਣੀ ਨੂੰ ॥


ਪਿੱਪਲਾਂ ਦੇ ਨਾਲ ਬੰਨ੍ਹ ਦਿਉ ਘੋੜੇ,

ਛਾਂ ਥੱਲੇ ਦਮ ਭਰਨ ਲਈ ।

ਜੇ ਭੁੱਖ਼ੇ ਨੇ ਖ਼ੁੱਲ੍ਹੇ ਛੱਡ ਦਿਉ,

ਖ਼ੇਤਾਂ ਦੇ ਵਿੱਚ ਚਰਨ ਲਈ ।

ਪਸ਼ੂਆਂ ਦਾ ਵੀ ਖ਼ਿਆਲ ਰੱਖ਼ਣਾ,

ਚਾਹੀਦੈ ਪ੍ਰਾਣੀ ਨੂੰ ।

ਮੇਰਾ ਵੀ ਦਿਲ ਹੌਲਾ ਹੋ ਜਾਉ,

ਸੁਣ ਜਾਓ ਦਰਦ ਕਹਾਣੀ ਨੂੰ ॥


ਕਈ ਵਰ੍ਹਿਆਂ ਦੀ ਗੱਲ ਹੈ ਯਾਰੋ,

ਇਸ਼ਕ ਦਿਲੇ ਨੇ ਕਰਿਆ ਸੀ ।

ਕਿਸਮਤ ਮਾਰਾ ਇਸ਼ਕ ਅਸਾਡਾ,

ਭਰ ਜੋਬਨ ਵਿੱਚ ਮਰਿਆ ਸੀ ।

ਹਰਦਮ ਤਾਜ਼ੀ ਕਰਦਾ ਰਹਿਨਾ,

ਅਭੁੱਲ ਯਾਦ ਪੁਰਾਣੀ ਨੂੰ ।

ਮੇਰਾ ਵੀ ਦਿਲ ਹੌਲਾ ਹੋ ਜਾਉ,

ਸੁਣ ਜਾਓ ਦਰਦ ਕਹਾਣੀ ਨੂੰ ॥


ਇੱਕ ਕੁੜੀ ਸੀ ਮਖ਼ਮਲ ਵਰਗੀ,

ਉਸ ਨੇ ਚੋਗ ਖਿਲਾਰੀ ਸੀ ।

ਵੇਖ਼ ਕੇ ਉਸ ਦੀ ਮਸਤ ਜਵਾਨੀ,

ਦਿਲ ਨੇ ਭਰੀ ਉਡਾਰੀ ਸੀ ।

ਸੁਪਨਿਆਂ ਵਿੱਚ ਸਜੋ ਲਿਆ ਆਖ਼ਿਰ,

ਪਰ੍ਹੀਆਂ ਦੀ ਪਟਰਾਣੀ ਨੂੰ ।

ਮੇਰਾ ਵੀ ਦਿਲ ਹੌਲਾ ਹੋ ਜਾਉ,

ਸੁਣ ਜਾਓ ਦਰਦ ਕਹਾਣੀ ਨੂੰ ॥


ਬੋਲੀ ਜਦੋਂ ਮੁਹੱਬਤਾਂ ਵਾਲੀ,

ਬੋਲਣ ਲੱਗੇ ਦਿਲ ਦੋਵੇਂ ।

ਹੌਲੀ ਹੌਲੀ ਭੇਦ ਅੰਦਰ ਦਾ,

ਖ਼ੋਹਲਣ ਲੱਗੇ ਮਿਲ ਦੋਵੇਂ ।

ਭਿਨਕ ਪਈ ਫਿਰ ਪੌਣਾ ਰਾਹੀਂ,

ਕੁੱਝ ਚੁਗਲਾਂ ਦੀ ਢਾਣੀ ਨੂੰ ।

ਮੇਰਾ ਵੀ ਦਿਲ ਹੌਲਾ ਹੋ ਜਾਉ,

ਸੁਣ ਜਾਓ ਦਰਦ ਕਹਾਣੀ ਨੂੰ ॥


ਪਹੁੰਚ ਗਈਆਂ ਸਨ ਖ਼ਬਰਾਂ ਇੱਕ ਦਿਨ,

ਬੰਗਲੇ ਵਿੱਚ ਸਰਦਾਰਾਂ ਦੇ ।

ਕੁੱਲੀਆਂ ਨੂੰ ਅੱਗ ਲਾਵਣ ਚੱਲ ਪਏ,

ਦੁਸ਼ਮਣ ਲੋਕ ਪਿਆਰਾਂ ਦੇ ।

ਸਾਡਾ ਮੋਹ ਜਿਹਾ ਆਇਆ ਹੋਣਾ,

ਓਸ ਵਕਤ ਮਰਜਾਣੀ ਨੂੰ ।

ਮੇਰਾ ਵੀ ਦਿਲ ਹੌਲਾ ਹੋ ਜਾਉ,

ਸੁਣ ਜਾਓ ਦਰਦ ਕਹਾਣੀ ਨੂੰ ॥


ਮਾਪਿਆਂ ਤਾਈਂ ਤਰਲੇ ਮਿੰਨਤਾਂ,

ਕਰ ਕਰ ਰਹੀ ਮਨਾੳਂਦੀ ਉਹ ।

ਮੇਰੀ ਕੁੱਲੀ ਖ਼ਾਤਿਰ ਹੀ ਰਹੀ,

ਝੱਖ਼ੜਾਂ ਨਾਲ ਟਕਰਾਉਂਦੀ ਉਹ ।

ਆਖਿਰ ਉਹ ਸੁਲਝਾਉਂਦੀ ਥੱਕ ਗਈ,

ਹਉਮੈ ਵਾਲੀ ਤਾਣੀ ਨੂੰ ।

ਮੇਰਾ ਵੀ ਦਿਲ ਹੌਲਾ ਹੋ ਜਾਉ,

ਸੁਣ ਜਾਓ ਦਰਦ ਕਹਾਣੀ ਨੂੰ ॥


ਇੱਕ ਦਿਨ ਆਪਣੇ ਵੀਰਾਂ ਦੇ ਨਾਲ,

ਸਾਡੇ ਕਰਕੇ ਲੜ ਬੈਠੀ ।

ਦੱਬੀ ਦਬਾਈ ਗੁੱਸੇ ਦੀ ਅੱਗ,

ਫਿਰ ਅੰਬਰਾਂ ਨੂੰ ਚੜ੍ਹ ਬੈਠੀ ।

ਜ਼ਬਰ ਵਾਲਿਆਂ ਜ਼ਬਰ ਵਰ੍ਹਾਉਣਾ,

ਕੀ ਸੀ ਖ਼ਬਰ ਨਿਆਣੀ ਨੂੰ ।

ਮੇਰਾ ਵੀ ਦਿਲ ਹੌਲਾ ਹੋ ਜਾਉ,

ਸੁਣ ਜਾਓ ਦਰਦ ਕਹਾਣੀ ਨੂੰ ॥


"ਘੁਮਾਣ" ਦੇ ਉਪਰ ਉਸ ਦਿਨ ਸੱਜਣੋਂ,

ਦੂਹਰਾ ਜਾਣੋਂ ਵਾਰ ਹੋਇਆ ।

ਪਿਆਰ ਅਤੇ ਮੇਰਾ ਰਹਿਣ ਬਸੇਰਾ,

ਬਿੱਲਕੁਲ ਤਾਰੋ ਤਾਰ ਹੋਇਆ ।

ਫੁੱਲ ਖਿੜਨ ਤੋਂ ਪਹਿਲਾ ਕੱਟਤਾ,

ਇਸ਼ਕ ਦੀ ਕੱਚੀ ਟਾਹਣੀ ਨੂੰ ।

ਮੇਰਾ ਵੀ ਦਿਲ ਹੌਲਾ ਹੋ ਜਾਉ,

ਸੁਣ ਜਾਓ ਦਰਦ ਕਹਾਣੀ ਨੂੰ ॥


ਲੇਖਕ : ਜਰਨੈਲ ਘੁਮਾਣ


contact no : 098885-05577
Posted by : jarnail ghuman
************************************************************

 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

No comments:

Post a Comment